Read Full Version (Panjabi PDF)

ਸਿੱਖ ਕੌਂਸਲ ਯੂ.ਕੇ. ਬੀਤੇ ਦਿਨੀਂ ਸੈਕਰਾਮੈਂਟੋ (ਅਮਰੀਕਾ) ਵਿਚ ਦੋ ਨੌਜਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਮਲੰਿਗੀ ਵਿਆਹ ਕਰਨ ਤੇ, ਜਿਸ ਦੀ ਕਿ ਗੁਰ-ਮਰਯਾਦਾ ਵਿਚ ਕੋਈ ਮਾਨਤਾ ਨਹੀਂ ਹੈ, ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਸਮੇ-ਸਿਕ ਢੁੱਕਵੇਂ ਫੈਸਲੇ ਦਾ ਭਰਵਾਂ ਸਵਾਗਤ ਕਰਦੀ ਹੈ।

ਜ਼ਿਕਰਯੋਗ ਹੈ ਕਿ ਇਸ ਮੰਦਭਾਗੀ ਘਟਨਾ ਦੇ ਸਬੰਧ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 14 ਅਕਤੂਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਪਤਰ ਵਿਚ ਸਿੱਖ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਮਿਲਿਆ ਹੈ ਕਿ ਉਹ ਅਨੰਦ ਕਾਰਜ ਨੂੰ ਕਰਾਉਣ ਵਾਲੇ ਵਿਅਕਤੀ: ਸਰਬਜੀਤ ਨੀਲ ਉਰਫ ‘ਫਰੀਡਮ ਸਿੰਘ’ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਲੈਣ ਤੇ ਸਰੂਪ ਸਤਿਕਾਰ ਸਹਿਤ ਨੇੜੇ ਦੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਸ਼ੁਸ਼ੋਭਿਤ ਕਰ ਦਿੱਤਾ ਜਾਵੇ।

‘ਫਰੀਡਮ ਸਿੰਘ’ ਅਤੇ ਉਸ ਦੀ ਪਤਨੀ ਲੀਲਾ ਵਿਰੁੱਧ ਸਮੁਚੇ ਸਿੱਖ ਭਾਈਚਾਰੇ ਵਿਚ ਵਿਆਪਕ ਰੋਸ ਹੈ। ਇਹ ਜੋੜਾ ਬੀਤੇ ਕਈ ਸਾਲਾਂ ਤੋਂ ਆਪਣੇ ਵਪਾਰਕ ਹਿਤਾਂ ਲਈ ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਕਰਦਾ ਆ ਰਿਹਾ ਹੈ। ਜਿਸ ਤਰ੍ਹਾਂ ਕਿ:

1. ਹੋਟਲਾਂ, ਰਿਜ਼ੋਰਟਾਂ, ਪੱਬਾਂ ਤੇ ਬੀਚਾਂ ਆਦਿ ਅਪਵਿੱਤਰ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ ਕਰਾਉਣਾ, ਜੋ ਕਿ 1998 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਹੈ।

2. ਸ੍ਰੀ ਅਕਾਲ ਤਖਤ ਸਾਹਿਬ ਦੇ 16 ਅਗਸਤ 2007 ਦੇ ਹੁਕਮਨਾਮੇ ਦੇ ਵਿਰੁੱਧ ਗੈਰ-ਸਿੱਖਾ ਦਾ ਅਨੰਦ ਕਾਰਜ ਕਰਾਉਣਾ।

3. ਅਜਿਹੇ ਅਨੰਦ ਕਾਰਜ ਕਰਵਾਉਣ ਲਈ ਸੂਟਕੇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਜਾਣਾ, ਜੋ ਕਿ ‘ਜਾਗਤ-ਜੋਤ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸਿੱਖ ਮਰਯਾਦਾ ਦੇ ਬੁਨਿਆਦੀ ਅਸੂਲਾਂ ਦੀ ਉਲੰਘਣਾ ਅਤੇ ਘੋਰ ਬੇਅਦਬੀ ਹੈ।

4. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 16 ਜਨਵਰੀ 2005 ਨੂੰ ਜਾਰੀ ਹੋਏ ਸੰਦੇਸ਼ ਦੀ ਉਲੰਘਣਾ ਕਰਦਿਆਂ ਸਮਲੰਿਗੀ ਜੋੜੇ ਦੇ ਅਨੰਦ ਕਾਰਜ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨਾ।

ਸਿਖ ਕੌਂਸਲ ਯੂ.ਕੇ ਲੋਕਾਂ ਦੇ ਆਪਣੀ ਪਸੰਦ ਅਨੁਸਾਰ ਰਿਸ਼ਤੇ ਨਿਧਾਰਤ ਕਰਨ ਦੇ ਅਧਿਕਾਰਾਂ ਦਾ ਸਤਿਕਾਰ ਕਰਦੀ ਹੀ। ਅਤੇ ਸਿੱਖਾਂ ਦਾ ਵਿਸ਼ਵਾਸ ਹੈ ਕਿ ਸਾਰੀ ਮਨੁੱਖਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ ਕਿਰਪਾ ਦੀ ਪਾਤਰ ਬਣ ਸਕਦੀ ਹੈ।

ਪਰ ਸਿਖ ਪੰਥ ਦੀ ਮਰਯਾਦਾ ਅਨੁਸਾਰ ਅਨੰਦ ਕਾਰਜ ਸਿਰਫ਼ ਸਿੱਖ ਧਰਮ ਨੂੰ ਅਪਣਾਉਣ ਵਾਲੇ ਔਰਤ-ਮਰਦ ਜੋੜਿਆਂ ਦੇ ਹੀ ਕੀਤੇ ਜਾ ਸਕਦੇ ਹਨ।

ਯੂ.ਕੇ. ਵਿਚ, ‘ਮੈਰਿਜ ਐਕਟ 2013’ ਦੇ ਅਨੁਸਾਰ ਸਮਲੰਿਗੀ ਜੋੜਿਆਂ ਨੂੰ ਇਕੱਠੇ ਰਹਿਣ ਤੇ ਵਿਆਹ ਕਰਵਾਉਣ ਦੀ ਕਾਨੂੰਨੀ ਖੁੱਲ੍ਹ ਦਿੱਤੀ ਗਈ ਹੈ ਪਰ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਉੱਤੇ ‘ਸਮਲੰਿਗੀ ਵਿਆਹ’ ਕਰਵਾਉਣ ਦੀ ਕੋਈ ਪਾਬੰਦੀ ਜਾਂ ਮਜਬੂਰੀ ਨਹੀਂ ਹੈ।ਕਨੂੰਨ ਅਨੁਸਾਰ ਇਸ ਦੇ ਉਲਟ, ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਜਾ ਸੰਸਥਾ ਨੂੰ ਉਹਨਾ ਦੇ ਧਰਮ ਦੀ ਸ਼ਿ੍ਰੋਮਣੀ ਸੰਸਥਾ (ਜਿਵੇਂ ਸਿੱਖਾ ਲਈ ਸ੍ਰੀ ਅਕਾਲ ਤਖਤ ਸਾਹਿਬ) ਦੀ ਲਿਖਤੀ ਸਹਿਮਤੀ ਤੋਂ ਬਿਨਾਂ ਅਜਿਹੇ ਵਿਆਹ ਕਰਾਉਣ ਦੀ ਕੋਈ ਇਜਾਜ਼ਤ ਨਹੀਂ ਹੈ।

ਅਨੰਦ ਕਾਰਜ ਦੀ ਸਾਰੀ ਮਰਯਾਦਾ ਦਾ ਨਿਰਬਾਹ ਸਿਰਫ਼ ਤੇ ਸਿਰਫ਼ ਗੁਰਦੁਆਰਾ ਸਾਹਿਬ ਵਿਖੇ ਹੋਣਾ ਚਾਹੀਦਾ ਹੈ। ਅਸੀਂ ਅਯੋਗ ਥਾਵਾਂ ‘ਤੇ ਜਿਵੇਂ ਕਿ ਹੋਟਲ, ਰਿਜੋਰਟਸ ਅਤੇ ਪੱਬਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾਣ ਦੀ ਸਖਤ ਨਿਖੇਧੀ ਕਰਦੇ ਹਾਂ।