ਸਿੱਖ ਕੌਂਸਲ ਯੂ.ਕੇ, ਭਾਰਤ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਇਲਾਕੇ ‘ਚ ਪਿਛਲੇ ਦਿਨੀਂ ਬੇਹੱਦ ਘਿਨਾਉਣੇ ਤਰੀਕੇ ਨਾਲ ਜਬਰ-ਜਨਾਹ ਤੋਂ ਬਾਅਦ ਬਲਾਤਕਾਰੀਆਂ ਵਲੋਂ ਜ਼ੁਬਾਨ ਕੱਟ ਦੇਣ, ਗਰਦਨ ਅਤੇ ਕਮਰ ‘ਤੇ ਡੂੰਘੀਆਂ ਸੱਟਾਂ ਮਾਰਨ ਤੋਂ ਬਾਅਦ ਦਮ ਤੋੜ ਗਈ, ਇਕ 19 ਸਾਲਾ ਕੁੜੀ ਮਨੀਸ਼ਾ ਵਾਲਮੀਕੀ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੈ। ਸਿਖ ਕੌਂਸਲ ਯੂ.ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰ ਰਹੇ ਸਮੂਹ ਲੋਕਾ ਦਾ ਡੱਟ ਕੇ ਸਮਰਥਨ।

ਮਨੀਸ਼ਾ ਦੀ ਮੌਤ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਕਥਿਤ ਤੌਰ ‘ਤੇ ਮਨੀਸ਼ਾ ਦੀ ਮਿ੍ਰਤਕ ਦੇਹ ਨੂੰ ਅਗਵਾ ਕਰ ਲਿਆ ਗਿਆ ਅਤੇ ਮਿ੍ਰਤਕਾ ਦੇ ਪਰਿਵਾਰ ਨੂੰ ਦੱਸੇ ਬਗ਼ੈਰ ਚੁੱਪ-ਚੁਪੀਤੇ ਅੱਧੀ ਰਾਤ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ।ਮੀਡੀਆ ਤੇ ਵੀ ਲੋਕਲ ਪਲੀਸ ਨੇ ਪਾਬੰਦੀ ਲਾਈ।

ਇਸ ਘਟਨਾ ਨੇ ਪੰਜਾਬ ਪੁਲਿਸ ਵਲੋਂ 1984 ਤੋ ਲਗਾਤਾਰ ਕਈ ਦਹਾਕਿਆ’ਚ ਪੰਜਾਬ ਅੰਦਰ ਹਜ਼ਾਰਾਂ ਸਿੱਖ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ-ਮੁਕਾਉਣ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਕਰਨ ਦੇ ਅਣਮਨੁੱਖੀ ਅਤੇ ਸ਼ਰਮਨਾਕ ਵਰਤਾਰੇ ਦੀ ਦਿਲਕੰਬਾਊ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਪਿਛਲੇ ਕਈ ਸਾਲਾਂ ਤੋਂ ਲਗਾਤਾਰ ਭਾਰਤ ਵਿਚ ਔਰਤਾਂ ਨਾਲ ਵਾਪਰ ਰਹੀਆਂ ਦਿਲਕੰਬਾਊ ਅਤੇ ਭਿਆਨਕ ਜਿਨਸੀ ਅਪਰਾਧ ਦੀਆਂ ਘਟਨਾਵਾਂ ਅਕਸਰ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਵਿਚ ਆਉਂਦੀਆਂ ਰਹਿੰਦੀਆਂ ਹਨ:

ਥੌਮਸਨ ਰਾਈਟਰਜ਼ ਫਾਊਂਡੇਸ਼ਨ’ ਦੀ ਇਕ ਰਿਪੋਰਟ ਅਨੁਸਾਰ, ‘ਔਰਤਾਂ ਲਈ ਭਾਰਤ ਵਿਸ਼ਵ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ। ਇੱਥੇ ਹਰ 3 ਮਿੰਟ ਬਾਅਦ ਇਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ।’

ਇੰਡੀਆ ਟੂਡੇ ਮੈਗਜ਼ੀਨ ਨੇ ਵੀ ਦਸੰਬਰ 2019 ਵਿਚ ਲਿਖਿਆ ਸੀ ਕਿ ਭਾਰਤ ਵਿਚ ਜਿਨਸੀ ਹਿੰਸਾ ਇਕ ਮਹਾਂਮਾਰੀ ਵਾਂਗ ਹੈ ਅਤੇ ਇੱਥੇ ਪਿਛਲੇ 17 ਸਾਲਾਂ ਦੌਰਾਨ ਬਲਾਤਕਾਰ ਦੇ ਮਾਮਲਿਆਂ ਦੀ ਗਿਣਤੀ ਦੋਗੁਣੀ ਹੋ ਗਈ ਹੈ।

16 ਦਸੰਬਰ 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਇਕ ਚੱਲਦੀ ਬੱਸ ਵਿਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ‘ਨਿਰਭੈ’ ਨਾਲ ਛੇ ਜਣਿਆਂ ਵਲੋਂ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਅਣਮਨੁੱਖੀ ਅਤੇ ਗ਼ੈਰ-ਕੁਦਰਤੀ ਤਰੀਕਿਆਂ ਦੇ ਨਾਲ ਉਸ ਦੇ ਜਣਨ ਅੰਗਾਂ ਅੰਦਰ ਲੋਹੇ ਦੀਆਂ ਰਾਡਾਂ ਮਾਰ ਕੇ ਉਸ ਦੀਆਂ ਅੰਤੜੀਆਂ ਬਾਹਰ ਕੱਢ ਦਿੱਤੀਆਂ ਗਈਆਂ ਅਤੇ ਅਧਮੋਈ ਕਰਕੇ ਉਸ ਨੂੰ ਚੱਲਦੀ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਸੀ। ‘ਨਿਰਭੈ’ ਦੀ 13 ਦਿਨ ਲਗਾਤਾਰ ਜ਼ਿੰਦਗੀ-ਮੌਤ ਵਿਚਾਲੇ ਸੰਘਰਸ਼ ਕਰਨ ਤੋਂ ਬਾਅਦ ਸਿੰਗਾਪੁਰ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ।

ਇਸ ਦੌਰਾਨ ‘ਨਿਰਭੈ’ ਦੇ ਇਕ ਦੋਸਤ ਮੁੰਡੇ ਨੂੰ ਵੀ ਹਵਸੀ ਦਰਿੰਦਿਆਂ ਨੇ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਲੁੱਟਿਆ ਸੀ। ‘ਨਿਰਭੈ’ ਦੀ ਬੁੱਢੀ ਮਾਂ ਨੂੰ ਆਪਣੀ ਧੀ ਦਾ ਇਨਸਾਫ਼ ਲੈਣ ਲਈ 7 ਸਾਲ ਤੱਕ ਲਗਾਤਾਰ ਮੀਡੀਆ ਦੀ ਸਹਾਇਤਾ ਨਾਲ ਸੰਘਰਸ਼ ਕਰਨਾ ਪਿਆ। ਇਸੇ ਤਰ੍ਹਾਂ ਬਲਾਤਕਾਰ ਦੀ ਸ਼ਿਕਾਰ ਇਕ ਹੋਰ 23 ਸਾਲਾ ਕੁੜੀ ਜਦੋਂ ਸੁਣਵਾਈ ਸਮੇਂ ਅਦਾਲਤ ਵਿਚ ਪਹੁੰਚੀ ਤਾਂ ਮਗਰੋਂ ਬਲਾਤਕਾਰੀਆਂ ਨੇ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ।

ਬਲਾਤਕਾਰ ਭਾਰਤ ਵਿਚ ਔਰਤਾਂ ਵਿਰੁੱਧ ਹੋਣ ਵਾਲਾ ਚੌਥਾ ਸਭ ਤੋਂ ਵੱਡਾ ਜੁਰਮ ਹੈ। ਅਧਿਕਾਰਤ ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ‘ਚ ਸਿਰਫ਼ ਸਾਲ 2019 ਵਿਚ ਹੀ ਬਲਾਤਕਾਰ ਦੇ 32,033 ਮਾਮਲੇ ਸਾਹਮਣੇ ਆਏ ਹਨ। ਇਕ ਦਿਨ ‘ਚ ਔਸਤਨ 88 ਜਬਰ-ਜਨਾਹ ਦੇ ਮਾਮਲੇ ਬਣਦੇ ਹਨ। ਹਰ 15 ਮਿੰਟ ਬਾਅਦ ਇਕ ਮਾਮਲਾ ਦਰਜ ਹੁੰਦਾ ਹੈ। ਨਾਬਾਲਗ ਕੁੜੀਆਂ ਨਾਲ ਜਬਰ-ਜਨਾਹ ਦੇ ਮਾਮਲਿਆਂ ਵਿਚੋਂ 94 ਫ਼ੀਸਦੀ ਮਾਮਲਿਆਂ ‘ਚ ਬਲਾਤਕਾਰੀ ਪੀੜਤ ਕੁੜੀਆਂ ਦੇ ਪਰਿਵਾਰਾਂ ਦੀ ਜਾਣ-ਪਛਾਣ ਵਿਚੋਂ ਹੀ ਹੁੰਦੇ ਹਨ।

ਸਾਲ 2017 ਵਿਚ ਭਾਰਤੀ ਅਦਾਲਤਾਂ ਨੇ ਬਲਾਤਕਾਰ ਦੇ 18,300 ਮਾਮਲਿਆਂ ਦਾ ਨਿਪਟਾਰਾ ਕੀਤਾ, ਜਦੋਂਕਿ ਸਾਲ ਦੇ ਅਖੀਰ ਤੱਕ 1,27,800 ਤੋਂ ਵੱਧ ਮਾਮਲੇ ਸੁਣਵਾਈ ਅਧੀਨ ਬਾਕੀ ਰਹਿ ਗਏ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਭਾਰਤ ‘ਚ ਬਲਾਤਕਾਰ ਦੇ ਮਾਮਲਿਆਂ ‘ਚ ਸਜ਼ਾ ਦੀ ਦਰ 30 ਫ਼ੀਸਦੀ ਹੈ। ਇਸ ਤੋਂ ਇੰਜ ਜਾਪਦਾ ਹੈ ਕਿ ਭਾਰਤ ਅੰਦਰ ਸਰਕਾਰਾਂ ਦੇ ਬਲਾਤਕਾਰੀਆਂ ਨਾਲ ਹੱਥ ਰਲੇ ਹੋਏ ਹਨ। ਇਸੇ ਕਾਰਨ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ।

ਭਾਰਤ ਵਿਚ ਔਰਤਾਂ ਘਰਾਂ ਅੰਦਰ, ਸੜਕਾਂ ‘ਤੇ, ਕੰਮਕਾਜੀ ਥਾਵਾਂ ਅਤੇ ਧਾਰਮਿਕ ਅਸਥਾਨਾਂ ‘ਤੇ, ਗੱਲ ਕੀ ਕਿਤੇ ਵੀ ਸੁਰੱਖਿਅਤ ਨਹੀਂ ਹਨ। ਭਾਰਤ ਅੰਦਰ ਔਰਤਾਂ ਪ੍ਰਤੀ ਸੰਕੁਚਿਤ ਸਮਾਜਿਕ ਰੀਤੀ-ਰਿਵਾਜ਼ਾਂ ਕਾਰਨ, ਬਹੁਤ ਸਾਰੇ ਮਾਮਲਿਆਂ ‘ਚ ਉਲਟਾ ਬਲਾਤਕਾਰ ਪੀੜਤ ਔਰਤਾਂ ਸਿਰ ਹੀ ਦੋਸ਼ ਮੜ੍ਹ ਦਿੱਤਾ ਜਾਂਦਾ ਹੈ।

ਔਰਤਾਂ ਵਿਰੁੱਧ ਹਿੰਸਾ ਅਤੇ ਜਬਰ-ਜਨਾਹ ਵਰਗੇ ਜੁਰਮਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖ ਗੁਰੂ ਸਾਹਿਬਾਨ ਦੀਆਂ ਅਨਮੋਲ ਨੈਤਿਕ ਸਿੱਖਿਆਵਾਂ ‘ਤੇ ਗ਼ੌਰ ਕਰੇ, ਜਿਨ੍ਹਾਂ ਵਿਚ ਗੁਰਬਾਣੀ ਅੰਦਰ ਮਨੁੱਖ ਨੂੰ ਔਰਤ ਦਾ ਸਤਿਕਾਰ ਕਰਨ ਅਤੇ ਸਿੱਖ ਰਹਿਤ ਮਰਯਾਦਾ ਅੰਦਰ ਮਨੁੱਖ ਨੂੰ ਉੱਚੇ ਇਖ਼ਲਾਕ ਦਾ ਧਾਰਨੀ ਬਣਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਿੱਖ ਇਤਿਹਾਸ ਵਿਚ ਵੀ ਉੱਚੇ-ਸੁੱਚੇ ਕਿਰਦਾਰ ਦੇ ਸਿੱਖ ਆਗੂਆਂ ਨੇ ਗੁਰੂ ਸਾਹਿਬਾਨ ਦੇ ਸਿਰਜੇ ਮੌਲਿਕ ਫ਼ਲਸਫ਼ੇ ‘ਤੇ ਪਹਿਰਾ ਦੇ ਕੇ ਔਰਤਾਂ ਦੇ ਸਤਿਕਾਰ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਕਾਇਮ ਕੀਤੀਆਂ ਹਨ।

ਸਿਖ ਕੌਂਸਲ ਯੂ.ਕੁ ਦੀ ਕਾਰਜਕਾਰਨੀ ਮੈਂਬਰ ਅਤੇ ‘ਵਿਮਨ ਅਲਾਇੰਸ’ ਦੀ ਚੇਅਰਪਰਸਨ, ਬੀਬੀ ਬਲਵਿੰਦਰ ਕੌਰ ਸੌਂਦ ਨੇ ਕਿਹਾ: “ਜਬਰ-ਜਨਾਹ ਪੀੜਤਾਂ ਦਾ ਹੌਸਲਾ ਅਤੇ ਵਿਸ਼ਵਾਸ ਬਹਾਲ ਰੱਖਣ ਲਈ, ਇਨਸਾਫ਼ ਮਿਲਣ ਤੱਕ ਨਿਆਂਪ੍ਰਣਾਲੀ ਦੀ ਕਾਰਜਸ਼ੈਲੀ ‘ਤੇ ਲਗਾਤਾਰ ਨਜ਼ਰਸਾਨੀ ਰੱਖਣੀ ਪਵੇਗੀ। ਜੁਰਮ ਦੀ ਗੰਭੀਰਤਾ ਮੁਤਾਬਕ ਹੀ ਸਜ਼ਾ ਤੈਅ ਹੋਣੀ ਚਾਹੀਦੀ ਹੈ। ਪੈਸੇ ਅਤੇ ਸੱਤਾ ਦੀ ਤਾਕਤ ਨਾਲ ਕਿਸੇ ਇਕ ਵੀ ਦੋਸ਼ੀ ਦੇ, ਅਦਾਲਤ ਵਿਚੋਂ ਬਚ ਕੇ ਨਿਕਲ ਜਾਣ ਦਾ ਕੋਈ ਵੀ ਰਾਹ ਖੁੱਲ੍ਹਾ ਨਹੀਂ ਬਚਣਾ ਚਾਹੀਦਾ।”

-END –

Surjit Singh Dusanjh

Spokesperson, Sikh Council UK

Manmagun Singh Randhawa

Assistant Spokesperson, Sikh Council UK

Media enquiries: 07496505907 / info@sikhcouncil.co.uk