ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ ॥

ਕੱਲ ੧੬ ਸਤੰਬਰ ੨੦੨੦, ਸਿਖ ਕੌਂਸਲ ਯੂ.ਕੇ ਦੀ ਐਗਜ਼ੈਕਿਊਟਿਵ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਪਾਵਨ ਸਰੂਪਾ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਲਾਪਤਾ ਹੋਣ ਤੇ ਦੀਰਘ ਵਿਚਾਰ ਹੋਈ।

ਪਿਛਲੇ ਕੁਝ ਸਮੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਵਧ ਰਹੀਆ ਬੇਅਦਬੀਆ ਤੋਂ ਜਿਥੇ ਸਮੁਚਾ ਸਿਖ ਜਗਤ ਚਿੰਤਾ ਤੇ ਸੋਗ ਮਹਿਸੂਸ ਦੇ ਘੇਰੇ ਵਿਚ ਹੈ ਉਥੇ ਸਿੱਖਾ ਦੀ ‘ਮਿਨੀ ਪਾਰਲੀਮੈਂਟ’ ਵਜੋਂ ਜਾਣੀ ਜਾਂਦੀ ਮਹਾਨ ਸੰਸਥਾ: ‘ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀਆ ਗੈਰ-ਜਿਮੇਵਾਰ ਕਾਰਵਾਈਆ ਨੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਸ਼ਰਮਸਾਰ ਕੀਤਾ ਹੈ।ਇਸ ਤੋ ਪਹਿਲਾ ਵੀ ਸੈਂਕੜੇ ਪਾਵਨ ਸਰੂਪਾ ਦੀ ਕਨੈਡਾ ਵਿਖੇ ਬੇਅਦਬੀ ਅਤੇ ਹੋਰ ਵੀ ਘਟਨਾਵਾ ਨੇ ਸਿਖ ਹਿਰਦੇ ਵਲੂੰਧਰੇ।

ਪਿਛਲੇ ਦਿਨਾ’ਚ ਰੋਸ ਪ੍ਰਦ੍ਰਸ਼ਰਨ ਕਰਦੀਆ ਕੁਝ ਸੰਗਤਾ ਅਤੇ ਟਾਸਕ ਫੋਰਸ ਦੇ ਮੁਲਾਜਮਾ ਵਿਚਕਾਰ ਝੜਪ ਵੀ ਅਤਿਅੰਤ ਮੰਦਭਾਗੀ ਹੈ।ਕਈ ਸਾਲਾ ਤੋਂ ‘੬ ਜੂਨ ੧੯੮੪’ ਵਾਲੇ ਸਮਾਗਮਾ’ਚ ਵੀ ਇਸ ਤਰਾ ਦੀਆ ਝੜਪਾ ਵਾਪਰੀਆ ਹਨ ਜਿਨ੍ਹਾ ਨੇ ਵਿਸ਼ਵ ਪੱਧਰ ਤੇ ਸਿਖਾਂ ਨੂੰ ਮਾਯੂਸ ਤੇ ਫਿਕਰਮੰਦ ਕੀਤਾ ਹੈ। ਹੈਰਾਨੀਜਨਕ ਗਲ ਹੈ ਕਿ ਕਰੌੜਾਂ ਦਾ ਬਜਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਆਪਣੇ ਮੁਲਾਜਮਾ ਨੂੰ ਇਸ ਤਰਾ ਦੀ ਸਥਿਤੀ ਨੂੰ ਕਾਬੂ’ਚ ਲਿਅਉਣ ਲਈ ਸਹੀਂ ਤਰਾਂ ਦੀ ਸਿਖਲਾਈ (ਟ੍ਰੈਨਿੰਗ) ਨਹੀ ਦੇ ਸਕੀ।

ਸਤਿਗੁਰੂ ਜੀ ਦੇ ਪਾਵਨ ਸਰੂਪਾ ਦੇ ਵੇਰਵੇ ਬਾਰੇ ਉਚ ਅਹੁਦੇਦਾਰਾ ਅਤੇ ਛੋਟੇ ਕਰਮਚਾਰੀਆ ਵਲੋਂ ਇਕ-ਦੂਸਰੇ ਤੇ ਇਲਜਾਮਬਾਜੀ ਕਰਨੀ ਸਬੂਤ ਹੈ ਕਿ ਮੌਜੂਦਾ ਅਦਾਰਾ ਲਾਲਚ ਅਧੀਨ ਅਤੇ ਭਿ੍ਰਸ਼ਟ ਹੋ ਚੁਕਾ ਹੈ। ਨਾਲ ਹੀ ਇਹ ਵੀ ਨਿਰਸੰਦੇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਜੋ ਪਹਿਲ ਦੇ ਅਧਾਰ ਤੇ ਹਰ ਸਿਖ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁਢਲੇ ਫਰਜ਼ ਨੂੰ ਲੰਮੇ ਸਮੇ ਤੋਂ ਨਜ਼ਰਅੰਦਾਜ਼ ਕਰ ਰਹੀ ਹੈ।

ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾ ਦੁਖਦਾਈ ਤੱਥਾ ਦੇ ਜਗ-ਜਾਹਰ ਹੋਣ ਤੇ ਸ਼੍ਰੋਮਣੀ ਕਮੇਟੀ ਤੋਂ ਸਤਿਗੁਰੂ ਜੀ ਦੇ ਪਾਵਨ ਸਰੂਪਾ ਦੀ ਛਪਾਈ ਦੀ ਸੇਵਾ ਵਾਪਸ ਲਈ ਜਾਵੇ ਭਾਵ ਪੂਰਨ ਰੋਕ ਲਗਾਈ ਜਾਵੇ। ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਜਿਸ ਵਿੱਚ ਅੰਤਰ-ਰਾਸ਼ਟਰੀ ਸਿਖ ਜਥੇਬੰਦੀਆ/ਸੰਸਥਾਵਾ ਨੂੰ ਵੀ ਸ਼ਾਮਿਲ ਕੀਤਾ ਜਾਵੇ।

ਨਾਲ ਹੀ ਅਸੀਂ ‘ਸਤਿਕਾਰ ਕਮੇਟੀ ਯੂ.ਕੇ’ ਦੇ ਮੰਗ-ਪਤਰ ਤੇ ਆਪ ਜੀ ਨੂੰ ਉਚੇਚੇ ਤੌਰ ਤੇ ਧਿਆਨ-ਗੋਚਰ ਕਰਨ ਦੀ ਪੁਰਜੋਰ ਬੇਨਤੀ ਕਰਦੇ ਹਾਂ।

ਗੁਰੂ ਪੰਥ ਦੇ ਦਾਸ,
ਸਿਖ ਕੌਂਸਲ ਯੂ.ਕੇ

Read Official Letter Here: SCUK Letter to Sri Akal Takth Sahib 17.9.20